ਨਵੀਂ ਦਿੱਲੀ–ਭਾਰਤੀ ਮਹਿਲਾ ਅਥਲੀਟ ਦੂਤੀ ਚੰਦ ਨੇ ਖੇਡਾਂ ਦੀ ਸਾਲਸੀ ਅਦਾਲਤ (ਕੈਸ) ਤੋਂ ਰਾਹਤ ਮਿਲਣ ਬਾਅਦ ਕਿਹਾ ਹੈ ਕਿ ਹੁਣ ਉਸ ਦਾ ਨਿਸ਼ਾਨਾ ਰੀਓ ਓਲੰਪਿਕ ਲਈ ਕੁਆਲੀਫਾਈ ਕਰਨਾ ਹੈ। ਭਾਰਤੀ ਦੌਡ਼ਾਕ ਨੇ ਕਿਹਾ, ‘ਜਿਵੇਂ ਹੀ ਮੈਨੂੰ ਕੈਸ ਦੇ ਫ਼ੈਸਲੇ ਬਾਰੇ ਪੱਤਾ ਲੱਗਾ ਮੈਨੂੰ ਵੱਡੀ ਰਾਹਤ ਮਹਿਸੂਸ ਹੋਈ। ਮੈਨੂੰ ਲੱਗਾ ਕਿ ਹੁਣ ਮੈਂ ਫਿਰ ਆਪਣੀ ਪੁਰਾਣੀ ਜ਼ਿੰਦਗੀ ਵਿੱਚ ਪਰਤ ਸਕਦੀ ਹਾਂ। ਪਾਬੰਦੀ ਬਾਅਦ ਟਰੈਕ ਤੋਂ ਦੂਰ ਰਹਿਣਾ ਮੇਰੇ ਲਈ ਬੇਹੱਦ ਮੁਸ਼ਕਲ ਸੀ। ਮੇਰਾ ਭਵਿੱਖ ਡਾਵਾਂਡੋਲ ਹੋ ਗਿਆ ਸੀ ਪਰ ਹੁਣ ਮੈਂ ਖੁਸ਼ ਹਾਂ। ਹੁਣ ਜਲਦੀ ਮੈਂ ਅਭਿਆਸ ਸ਼ੁਰੂ ਕਰ ਦੇਵਾਂਗੀ ਅਤੇ ਮੇਰਾ ਅਗਲਾ ਨਿਸ਼ਾਨਾ 2016 ਰੀਓ ਓਲੰਪਿਕ ਲਈ ਕੁਆਲੀਫਾਈ ਕਰਨਾ ਹੈ।’
100 ਮੀਟਰ ਦੌਡ਼ ਵਿੱਚ ਅੰਡਰ-18 ਦੀ ਕੌਮੀ ਚੈਂਪੀਅਨ ਰਹੀ ਦੂਤੀ ਚੰਦ ਨੇ ਕਿਹਾ, ‘ਇਹ ਮੇਰੇ ਜੀਵਨ ਦੇ ਸਭ ਤੋਂ ਖੁਸ਼ੀ ਦੇ ਪਲ ਹਨ।’ ਆਈਏਏਅੈਫ ਨੇ ਲਿੰਗ ਪ੍ਰੀਖਣ ਵਿਵਾਦ ਵਿੱਚ 19 ਸਾਲਾਂ ਅਥਲੀਟ ’ਤੇ ਪਾਬੰਦੀ ਲਗਾ ਦਿੱਤੀ ਸੀ। ਬਾਅਦ ਵਿੱਚ ਦੂਤੀ ਨੇ ਇਸ ਪਾਬੰਦੀ ਨੂੰ ਚੁਣੌਤੀ ਦਿੱਤੀ ਸੀ। ਇਸ ’ਤੇ ਕੱਲ੍ਹ ਕੈਸ ਦੇ ਤਿੰਨ ਮੈਂਬਰੀ ਬੈਂਚ ਨੇ ਆਈਏਏਅੈਫ ਦੇ ਹਾਈਪਰਅੈਂਡਰੋਜੈਨਿਜ਼ਮ ਸਬੰਧੀ ਨਿਯਮ ਨੂੰ ਦੋ ਸਾਲ ਲਈ ਮੁਅੱਤਲ ਕਰ ਦਿੱਤਾ, ਜਿਸ ਬਾਅਦ ਦੂਤੀ ਨੂੰ ਮੁਡ਼ ਦੌਡ਼ਨ ਲਈ ਹਰੀ ਝੰਡੀ ਮਿਲ ਗਈ।