ਦਸੂਹਾ, (ਝਾਵਰ)- ਐੱਸ. ਐੱਸ. ਪੀ. ਧਨਪ੍ਰੀਤ ਕੌਰ ਤੇ ਏ. ਐੱਸ. ਪੀ. ਚਰਨਜੀਤ ਸਿੰਘ ਸਹਾਇਕ ਪੁਲਸ ਕਪਤਾਨ ਦਸੂਹਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿਛਲੇ ਅਰਸੇ ਦੌਰਾਨ ਦਸੂਹਾ ਤੇ ਆਸਪਾਸ ਦੇ ਪਿੰਡਾਂ ‘ਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਭੋਲੇ -ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਤੇ ਹੋਰ ਤਰੀਕਿਆਂ ਨਾਲ ਸੋਨੇ ਦੇ ਗਹਿਣੇ ਤੇ ਪੈਸਿਆਂ ਦੀ ਠੱਗੀ ਮਾਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਵੱਲੋਂ ਚਲਾਈ ਗਈ ਸਪੈਸ਼ਲ ਮੁਹਿੰਮ ਦੌਰਾਨ ਥਾਣਾ ਦਸੂਹਾ ਵਲੋਂ ਮੁਕੱਦਮਾ ਨੰ.1, 1 ਜਨਵਰੀ 2015, ਧਾਰਾ 406, 420 ਆਈ. ਪੀ. ਸੀ. ਤਹਿਤ ਨਾਮਜ਼ਦ ਦੋਸ਼ੀ ਬਲਵਿੰਦਰ ਕੁਮਾਰ ਵਰਮਾ ਪੁੱਤਰ ਨੰਦ ਲਾਲ, ਪ੍ਰਦੀਪ ਕੁਮਾਰ ਵਰਮਾ ਪੁੱਤਰ ਬਲਵਿੰਦਰ ਕੁਮਾਰ ਤੇ ਦਰਸ਼ਨਾ ਵਰਮਾ ਪਤਨੀ ਬਲਵਿੰਦਰ ਕੁਮਾਰ ਵਾਸੀਆਨ ਰਾਧਾ ਸੁਆਮੀ ਕਾਲੋਨੀ ਦਸੂਹਾ, ਹਾਲ ਵਾਸੀ ਭੋਲਾ ਕਾਲੋਨੀ ਅੰਮ੍ਰਿਤਸਰ ਨੂੰ 24 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਵਿਅਕਤੀ ਜੋ ਪਿੰਡ ਬੁੱਧੋਬਰਕਤ, ਦਸੂਹਾ ਤੇ ਪਿੰਡ ਖੁਣਖੁਣ ਕਲਾਂ ਵਿਖੇ ਸੁਨਿਆਰੇ ਤੇ ਕੱਪੜੇ ਦੀ ਦੁਕਾਨ ਕਰਦੇ ਸਨ, ਵਲੋਂ ਕੁਲਵਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਬੁੱਧੋਬਰਕਤ ਪਾਸੋਂ ਉਸ ਦੇ ਭਤੀਜੇ ਨੂੰ ਵਿਦੇਸ਼ ਭੇਜਣ ਲਈ 19 ਲੱਖ 5 ਹਜ਼ਾਰ ਰੁਪਏ, ਰਾਜ ਰਾਣੀ ਪਤਨੀ ਵਿਨੇ ਕੁਮਾਰ ਵਾਸੀ ਦਸੂਹਾ ਪਾਸੋਂ 5 ਲੱਖ 80 ਹਜ਼ਾਰ, ਗੁਲਜ਼ਾਰ ਸਿੰਘ ਪੁੱਤਰ ਕਰਤਾਰ ਸਿੰਘ ਪਾਸੋਂ ਇਕ ਲੱਖ 90 ਹਜ਼ਾਰ, ਜਸਪਾਲ ਸਿੰਘ ਪੁੱਤਰ ਫੁੰਮਣ ਸਿੰਘ ਵਾਸੀ ਬੁੱਧੋਬਰਕਤ ਪਾਸੋਂ 3 ਲੱਖ 50 ਹਜ਼ਾਰ ਤੇ ਜਗੀਰ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਸੈਦੋਵਾਲ ਪਾਸੋਂ 8 ਤੋਲੇ ਗਹਿਣੇ ਤੇ 5 ਲੱਖ ਰੁਪਏ ਨਕਦ, ਕੁਲਦੀਪ ਕੌਰ ਪਤਨੀ ਲਖਵੀਰ ਸਿੰਘ ਵਾਸੀ ਦਸੂਹਾ ਪਾਸੋਂ 10 ਤੋਲੇ ਸੋਨੇ ਦੇ ਗਹਿਣੇ ਤੇ 2 ਲੱਖ 50 ਹਜ਼ਾਰ ਰੁਪਏ ਨਕਦ, ਨਵੇਂ ਗਹਿਣੇ ਬਣਾਉਣ ਲਈ ਮਨਦੀਪ ਕੌਰ ਪਤਨੀ ਕੁਲਜੀਤ ਸਿੰਘ ਵਾਸੀ ਬੁੱਧੋਬਰਕਤ ਪਾਸੋਂ 1 ਲੱਖ ਤੇ ਉਸ ਦੇ ਸਹੁਰੇ ਅਮਰੀਕ ਸਿੰਘ ਪਾਸੋਂ 4 ਲੱਖ 13 ਹਜ਼ਾਰ, ਰਜਿੰਦਰ ਕੌਰ ਪਤਨੀ ਹਰਜੀਤ ਸਿੰਘ ਵਾਸੀ ਬੁੱਧੋਬਰਕਤ ਪਾਸੋਂ 3 ਲੱਖ 50 ਹਜ਼ਾਰ, ਜਰਨੈਲ ਸਿੰਘ ਪੁੱਤਰ ਦੇਸਾ ਸਿੰਘ ਵਾਸੀ ਬੁੱਧੋਬਰਕਤ ਪਾਸੋਂ 1 ਲੱਖ 50 ਹਜ਼ਾਰ ਹੱਥ ਉਧਾਰ ਲਏ ਸਨ।
ਉਪਰੋਕਤ ਵਿਅਕਤੀਆਂ ਨੂੰ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਉਨ੍ਹਾਂ ਪਾਸੋਂ ਉਧਾਰ ਲਏ ਪੈਸੇ ਤੇ ਗਹਿਣੇ ਵਾਪਿਸ ਕੀਤੇ। ਠੱਗ 28 ਨਵੰਬਰ 2014 ਦੀ ਰਾਤ ਨੂੰ ਆਪਣੇ ਮਕਾਨ ਨੂੰ ਤਾਲਾ ਲਾ ਕੇ ਰੂਪੋਸ਼ ਹੋ ਗਏ ਸਨ, ਪੁਲਸ ਵਲੋਂ ਉਨ੍ਹਾਂ ਨੂੰ ਕਾਫ਼ੀ ਮਿਹਨਤ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਇਸੇ ਤਰ੍ਹਾਂ ਪਿੰਡ ਜਲਾਲ ਚੱਕ ਥਾਣਾ ਦਸੂਹਾ ‘ਚ ਵੱਖ-ਵੱਖ ਲੋਕਾਂ ਨਾਲ ਸੋਨੇ ਦੇ ਗਹਿਣਿਆਂ ਦੀ ਠੱਗੀ ਮਾਰਨ ਸਬੰਧੀ ਥਾਣਾ ਦਸੂਹਾ ‘ਚ ਨਾਮਜ਼ਦ ਦੋਸ਼ੀਆਂ ਸੁਰਜੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਜਲਾਲ ਚੱਕ ਨੂੰ 17 ਸਤੰਬਰ ਤੇ ਕੁਲਦੀਪ ਕੌਰ ਪਤਨੀ ਗੁਰਾਂਦਾਸ ਵਾਸੀ ਜਲਾਲ ਚੱਕ ਨੂੰ 22 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ।
See News Nazar Sab Pe