ਪਟਿਆਲਾ, 1 ਅਗਸਤ – ਬਿਲਡਿੰਗ ਘਪਲੇ ਕਾਰਨ ਵਿਜੀਲੈਂਸ ਦੇ ਸ਼ਿਕੰਜੇ ਵਿਚ ਆਉਣ ਤੋਂ ਬਾਅਦ ਪੇਂਡੂ ਵਿਕਾਸ ਪੰਚਾਇਤ ਵਿਭਾਗ ਪਟਿਆਲਾ ਬਲਾਕ ਸੰਮਤੀ ਦਫਤਰ ‘ਤੇ ਅੱਜ ਵਿਜੀਲੈਂਸ ਟੀਮ ਪਟਿਆਲਾ ਨੇ ਛੁੱਟੀ ਵਾਲੇ ਦਿਨ ਦਫਤਰ ਵਿਚ ਛਾਪੇਮਾਰੀ ਕਰ ਦਿੱਤੀ ਤੇ ਆਪਣੇ ਨਾਲ ਬੀ. ਐਂਡ. ਆਰ. ਦੀ ਵੱਡੀ ਟੀਮ ਨੂੰ ਨਾਲ ਲੈ ਕੇ ਇਸ ਬਿਲਡਿੰਗ ਦੇ ਇੰਚ-ਇੰਚ ਕਵਰਡ ਏਰੀਆ ਦੀ ਪੈਮਾਇਸ਼ ਕੀਤੀ। ਵਿਜੀਲੈਂਸ ਦੀ ਇਹ ਕਾਰਵਾਈ 5 ਘੰਟੇ ਤੋਂ ਵੱਧ ਸਮਾਂ ਜਾਰੀ ਰਹੀ ਤੇ ਇਸ ਸਮੇ ਦੌਰਾਨ ਇਸ ਦਫਤਰ ਦੇ ਕਿਸੇ ਵੀ ਮੁਲਾਜ਼ਮ ਜਾਂ ਅਧਿਕਾਰੀ ਨੂੰ ਨੇੜੇ ਵੀ ਨਹੀਂ ਫੜਕਣ ਦਿੱਤਾ ਗਿਆ। ਯਾਦ ਰਹੇ ਕਿ ਇਹ ਮੁੱਦਾ ਜਗ ਬਾਣੀ ਨੇ ਵਿਸ਼ੇਸ਼ ਤੌਰ ‘ਤੇ ਚੁੱਕਿਆ ਸੀ।
ਜ਼ਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਦੇ ਡੀ. ਜੀ. ਪੀ. ਨੇ ਇਸ ਬਿਲਡਿੰਗ ਸਬੰਧੀ ਆਈਆਂ ਸ਼ਿਕਾਇਤਾਂ ਦੇ ਆਧਾਰ ‘ਤੇ ਪਟਿਆਲਾ ਵਿਜੀਲੈਂਸ ਪੁਲਸ ਨੂੰ ਹੁਕਮ ਕੀਤੇ ਹਨ ਕਿ ਤੁਰੰਤ ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ। ਓਧਰ ਇਹ ਹੁਕਮ ਮਿਲਦਿਆਂ ਹੀ ਪਟਿਆਲਾ ਵਿਜੀਲੈਂਸ ਨੇ ਇਸ ਬਿਲਡਿੰਗ ਸਬੰਧੀ ਬਲਾਕ ਸੰਮਤੀ ਦੇ ਦਫਤਰ ਤੋਂ ਸਮੁੱਚਾ ਰਿਕਾਰਡ ਤਲਬ ਕਰ ਲਿਆ ਸੀ।
ਵਿਭਾਗ ਨੇ ਬਲਾਕ ਸੰਮਤੀ ਪਟਿਆਲਾ ਦੇ ਦਫਤਰ ਲਈ 10 ਹਜ਼ਾਰ ਸਕੇਅਰ ਫੁੱਟ ਦੇ ਏਰੀਏ ਦਾ ਐਸਟੀਮੇਟ ਬਣਾਇਆ ਤੇ ਇਸ ‘ਤੇ 80 ਲੱਖ ਰੁਪਏ ਲਾਗਤ ਆਉਣ ਦਾ ਮਤਾ ਬਕਾਇਦਾ ਬਲਾਕ ਸੰਮਤੀ ‘ਚ ਪਾਸ ਕੀਤਾ ਗਿਆ ਅਤੇ 6 ਮਹੀਨਿਆਂ ਬਾਅਦ ਬਲਾਕ ਸੰਮਤੀ ਦੇ ਜਨਰਲ ਹਾਊਸ ਵਿਚ ਇਕ ਮਤਾ ਲਿਆਂਦਾ ਗਿਆ ਕਿ ਇਸ ਦਫਤਰ ਦਾ ਏਰੀਆ 10 ਹਜ਼ਾਰ ਸਕੇਅਰਫੁਟ ਤੋਂ 13 ਹਜ਼ਾਰ ਸਕੇਅਰਫੁਟ ਕੀਤਾ ਜਾਂਦਾ ਹੈ, ਇਸ ਦੀ ਲਾਗਤ 80 ਲੱਖ ਤੋਂ ਵਧਾ ਕੇ 1 ਕਰੋੜ 17 ਲੱਖ ਰੁਪਏ ਕੀਤੀ ਜਾਂਦੀ ਹੈ, ਇਸ ਤੋਂ ਬਾਅਦ ਇਸ ਦਫਤਰ ਦੀਆਂ ਦਰਜਨ ਸ਼ਿਕਾਇਤਾਂ ਪੰਜਾਬ ਵਿਜੀਲੈਂਸ ਕੋਲ ਪੁੱਜੀਆਂ ਸਨ।
ਪਟਿਆਲਾ ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਪਰਮਜੀਤ ਕੁਮਾਰ ਦੀ ਅਗਵਾਈ ਵਿਚ ਸਬ-ਇੰਸਪੈਕਟਰ ਹਰਮਿੰਦਰ ਸਿੰਘ, ਬੀ. ਐਂਡ. ਆਰ. ਦੇ ਸਬ-ਡਵੀਜ਼ਨ ਅਫਸਰ ਨਵਦੀਪ ਸਿੰਗਲਾ, ਪਰਮਜੀਤ ਗੁਰਮ, ਇੰਜੀਨੀਅਰ ਸਰਨਜੀਤ ਸਿੰਘ, ਲਲਿਤ ਕੁਮਾਰ ਸਮੇਤ ਦਰਜਨ ਅਧਿਕਾਰੀਆਂ ਨੇ ਇਸ ਬਿਲਡਿੰਗ ਦੀ ਪੈਮਾਇਸ਼ ਸਵੇਰੇ 9 ਵਜੇ ਆਰੰਭ ਕਰ ਦਿੱਤੀ ਸੀ ਤੇ ਇਸ ਦੁਪਹਿਰ 2 ਵਜੇ ਤੱਕ ਜਾਰੀ ਰਹੀ। ਇਸ ਮੌਕੇ ਇੰਸਪੈਕਟਰ ਪਰਮਜੀਤ ਕੁਮਾਰ ਨੇ ਦੱਸਿਆ ਪਹਿਲੀ ਪੈਮਾਇਸ਼ ਵਿਚ ਲਗਭਗ 1000 ਫੁੱਟ ਏਰੀÂਾ ਘੱਟ ਆ ਰਿਹਾ ਹੈ ਤੇ ਹੁਣ ਐੱਮ. ਬੀ. ਦੀ ਜਾਂਚ ਹੋ ਰਹੀ ਹੈ, ਉਨ੍ਹਾਂ ਕਿਹਾ ਕਿ ਬਹੁਤ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇਗਾ । ਇੰਸਪੈਕਟਰ ਪਰਮਜੀਤ ਨੇ ਕਿਹਾ ਕਿ ਕਿਸੇ ਨਾਲ ਕੋਈ ਲਿਹਾਜ਼ ਨਹੀਂ ਹੋਵੇਗਾ ਤੇ ਜਲਦ ਹੀ ਇਸ ਦਾ ਫੈਸਲਾ ਕਰ ਦਿੱਤਾ ਜਾਵੇਗਾ।
See News Nazar Sab Pe