Home » Entertainment » Bollywood » ਮੈਂ ਇੱਕ ਸਮੇਂ ਇੱਕ ਫ਼ਿਲਮ ਕਰਨਾ ਹੀ ਪਸੰਦ ਕਰਦਾ ਹਾਂ: ਸਿਧਾਰਥ ਮਲਹੋਤਰਾ

ਮੈਂ ਇੱਕ ਸਮੇਂ ਇੱਕ ਫ਼ਿਲਮ ਕਰਨਾ ਹੀ ਪਸੰਦ ਕਰਦਾ ਹਾਂ: ਸਿਧਾਰਥ ਮਲਹੋਤਰਾ

* ‘ਬ੍ਰਦਰਜ਼’ ਬਾਰੇ ਕੀ ਕਹੋਗੇ?

– ਇਸ ਫ਼ਿਲਮ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਹਾਂ। ਇਹ ਫ਼ਿਲਮ ਹਾਲੀਵੁੱਡ ਫ਼ਿਲਮ ‘ਵਾਰੀਅਰ’ ਦਾ ਰੀਮੇਕ ਹੈ। ਇਸ ਵਿੱਚ ਮੈਂ ਇੱਕ ਮੁੱਕੇਬਾਜ਼ ਦੀ ਭੂਮਿਕਾ ਨਿਭਾਈ ਹੈ ਅਤੇ ਸਰੀਰਕ ਤੇ ਮਾਨਸਿਕ ਤੌਰ ’ਤੇ ਬਹੁਤ ਮਿਹਨਤ ਕੀਤੀ ਹੈ। ਇਸ ਫ਼ਿਲਮ ਲਈ ਮੈਂ ਨਾ ਸਿਰਫ਼ ਅੱਠ-ਦਸ ਕਿਲੋ ਭਾਰ ਵਧਾਇਆ ਹੈ, ਬਲਕਿ ਮਾਰਸ਼ਲ ਆਰਟਸ ਵੀ ਸਿੱਖਿਆ ਹੈ। ਜ਼ਿਆਦਾ ਸਖ਼ਤ ਮਿਹਨਤ ਕਾਰਨ ਮੈਨੂੰ ਆਪਣੀਆਂ ਮਾਸਪੇਸ਼ੀਆਂ ਨੂੰ ਆਰਾਮ ਦੇਣ ਲਈ ਬਰਫ਼ ਵਾਲੇ ਠੰਢੇ ਪਾਣੀ ਨਾਲ ਨਹਾਉਣਾ ਪੈਂਦਾ ਸੀ। ਇਸ ਫ਼ਿਲਮ ਵਿੱਚ ਮੇਰੇ ਨਾਲ ਅਕਸ਼ੈ ਕੁਮਾਰ, ਜੈਕੀ ਸ਼ਰਾਫ਼ ਅਤੇ ਜੈਕੁਲਿਨ ਫਰਨਾਂਡੇਜ਼ ਹਨ। ਇਹ ਫ਼ਿਲਮ ਅਜਿਹੇ ਦੋ ਭਰਾਵਾਂ ਡੇਵਿਡ ਫਰਨਾਂਡੇਜ਼ (ਅਕਸ਼ੈ ਕੁਮਾਰ) ਅਤੇ ਮੌਂਟੀ ਫਰਨਾਂਡੇਜ਼ (ਸਿਧਾਰਥ ਮਲਹੋਤਰਾ) ਦੀ ਕਹਾਣੀ ਹੈ ਜੋ ਮੁੱਕੇਬਾਜ਼ ਹਨ। ਖ਼ਾਸ ਗੱਲ ਇਹ ਹੈ ਕਿ ਬਚਪਨ ਵਿੱਚ ਦੋਵਾਂ ਭਰਾਵਾਂ ’ਚ ਬੇਹੱਦ ਪਿਆਰ ਹੁੰਦਾ ਹੈ, ਪਰ ਸਮੇਂ ਦੇ ਨਾਲ-ਨਾਲ ਉਨ੍ਹਾਂ ਵਿਚਕਾਰ ਨਫ਼ਰਤ ਵਧਦੀ ਜਾਂਦੀ ਹੈ। ਫਿਰ ਇੱਕ ਮੌਕਾ ਅਜਿਹਾ ਵੀ ਆਉਂਦਾ ਹੈ ਜਦੋਂ ਦੋਵੇਂ ਭਰਾ ਇੱਕ-ਦੂਜੇ ਦੇ ਖ਼ਿਲਾਫ਼ ਰਿੰਗ ’ਚ ਖੜ੍ਹੇ ਹੁੰਦੇ ਹਨ। ਇਸ ਮੁਕਾਬਲੇ ’ਚ ਜਿੱਤ ਕਿਸ ਦੀ ਹੁੰਦੀ ਹੈ, ਇਹ ਫ਼ਿਲਮ ਦਾ ਅੰਤ ਹੈ।

* ਅਕਸ਼ੈ ਕੁਮਾਰ ਅਤੇ ਜੈਕੀ ਸ਼ਰਾਫ਼ ਨਾਲ ਕੰਮ ਕਰਨ ਦਾ ਅਨੁਭਵ ਕਿਵੇਂ ਰਿਹਾ?
– ਦੋਵਾਂ ਨਾਲ ਕੰਮ ਕਰਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿ ਕਿਵੇਂ ਜ਼ਿੰਦਗੀ ਨੂੰ ਮਾਨਣਾ ਚਾਹੀਦਾ ਹੈ ਅਤੇ ਕਿਵੇਂ ਫ਼ਿਲਮ ਇੰਡਸਟਰੀ ਵਿੱਚ ਲੰਮਾ ਸਮਾਂ ਟਿਕੇ ਰਿਹਾ ਜਾ ਸਕਦਾ ਹੈ। ਅਕਸ਼ੈ ਨਾਲ ਤਾਂ ਭਰਾਵਾਂ ਵਰਗਾ ਰਿਸ਼ਤਾ ਬਣ ਗਿਆ। ਕੁਝ ਪੰਜਾਬੀ ਹੋਣ ਕਾਰਨ ਸਾਡੀ ਪਸੰਦ ਵੀ ਕਾਫ਼ੀ ਮਿਲਦੀ ਹੈ।
* ਕਰੀਨਾ ਕਪੂਰ ਖ਼ਾਨ ਨਾਲ ਆਈਟਮ ਨੰਬਰ ਕਰਨ ਦਾ ਕੀ ਅਨੁਭਵ ਰਿਹਾ?
– ਮੈਂ ਕਰੀਨਾ ਦਾ ਸ਼ੁਰੁੂ ਤੋਂ ਹੀ ਵੱਡਾ ਪ੍ਰਸ਼ੰਸਕ ਹਾਂ। ਇਹ ਮੈਂ ਉਨ੍ਹਾਂ ਨੂੰ ਕਈ ਵਾਰ ਕਹਿ ਵੀ ਚੁੱਕਿਆ ਹਾਂ ਕਿ ਉਨ੍ਹਾਂ ਦੇ ਅੰਦਰ ਉਹ ਊਰਜਾ ਤੇ ਜਨੂੰਨ ਹੈ, ਜੋ ਹਮੇਸ਼ਾਂ ਇੱਕ ਅਦਾਕਾਰ ਦਾ ਆਪਣੇ ਕੰਮ ਪ੍ਰਤੀ ਹੋਣਾ ਚਾਹੀਦਾ ਹੈ। ਕਰੀਨਾ ਖ਼ੁਦ ਨੂੰ ਆਪਣੇ ਕਿਰਦਾਰ ਮੁਤਾਬਕ ਢਾਲਣ ’ਚ ਮਾਹਿਰ ਹੈ। ਇੱਕ ਪ੍ਰਸ਼ੰਸਕ ਦਾ ਆਪਣੀ ਪਸੰਦੀਦਾ ਅਦਾਕਾਰਾ ਨਾਲ ਕੰਮ ਕਰਨ ਦਾ ਅਨੁਭਵ ਤਾਂ ਬਿਨਾਂ ਸ਼ੱਕ ਸ਼ਾਨਦਾਰ ਹੀ ਹੋਵੇਗਾ। ਆਈਟਮ ਨੰਬਰ ਤਾਂ ਕਰ ਲਿਆ, ਹੁਣ ਉਨ੍ਹਾਂ ਨਾਲ ਫ਼ਿਲਮ ਵਿੱਚ ਕੰਮ ਕਰਨਾ ਚਾਹੁੰਦਾ ਹਾਂ।
* ਸੁਣਨ ’ਚ ਆਇਆ ਹੈ ਕਿ ਕਰਨ ਨੇ ‘ਸਟੂਡੈਂਟ ਆਫ਼ ਦਿ ਯੀਅਰ’ ਦੀ ਪੂਰੀ ਟੀਮ ਨੂੰ ਆਪਣੀ ਨਵੀਂ ਫ਼ਿਲਮ ਲਈ ਸਾਈਨ ਕੀਤਾ ਹੈ?
– ਜੀ ਹਾਂ, ਕਰਨ ਜੌਹਰ ਦੇ ਤਿੰਨੇ ਸਟੂਡੈਂਟ ਆਲੀਆ ਭੱਟ, ਵਰੁਣ ਧਵਨ ਅਤੇ ਮੈਂ ਇੱਕ ਵਾਰ ਫਿਰ ਇਕੱਠੇ ਨਜ਼ਰ ਆਉਣ ਵਾਲੇ ਹਾਂ। ਪਹਿਲਾਂ ਇਸ ਫ਼ਿਲਮ ਵਿੱਚ ਸੰਜੇ ਦੱਤ ਕੰਮ ਕਰਨ ਵਾਲੇ ਸਨ, ਪਰ ਉਨ੍ਹਾਂ ਦੇ ਇਨਕਾਰ ਕਰਨ ਤੋਂ ਬਾਅਦ ਫ਼ਿਲਮ ਵਿੱਚ ਮੈਨੂੰ ਉਨ੍ਹਾਂ ਵਾਲਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ, ਜੋ ਇੱਕ ਖਲਨਾਇਕ ਦਾ ਕਿਰਦਾਰ ਹੈ।
* ਖ਼ਬਰ ਹੈ ਕਿ ਕਰਨ ਦੀ ਕਿਸੇ ਹੋਰ ਫ਼ਿਲਮ ਵਿੱਚ ਇੱਕ ਵਾਰ ਫਿਰ ਆਲੀਆ ਤੁਹਾਡੀ ਨਾਇਕਾ ਬਣੀ ਹੈ?
– ਹਾਂ, ਮੈਂ ਤੇ ਆਲੀਆ ਨੇ ਕਰਨ ਜੌਹਰ ਦੀ ਇੱਕ ਹੋਰ ਫ਼ਿਲਮ ਸਾਈਨ ਕੀਤੀ ਹੈ, ਜੋ ਇੱਕ ਤਿਕੋਣੀ ਪ੍ਰੇਮ ਕਹਾਣੀ ਹੋਵੇਗੀ। ਇਸ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਦੇ ਨਿਰਦੇਸ਼ਕ ਸ਼ਕੁਨ ਬੱਤਰਾ ਹਨ। ਫ਼ਿਲਮ ਵਿੱਚ ਪਾਕਿਸਤਾਨੀ ਅਦਾਕਾਰ ਫਵਾਦ ਖ਼ਾਨ ਵੀ ਹਨ। ਉਹ ਫ਼ਿਲਮ ਵਿੱਚ ਮੇਰੇ ਵੱਡੇ ਭਰਾ ਦਾ ਕਿਰਦਾਰ ਨਿਭਾਉਣਗੇ। ਕਹਾਣੀ ਮੁਤਾਬਕ ਸਾਨੂੰ ਦੋਵਾਂ ਭਰਾਵਾਂ ਨੂੰ ਆਲੀਆ ਨਾਲ ਪਿਆਰ ਹੋ ਜਾਂਦਾ ਹੈ, ਜਿਸ ਕਾਰਨ ਦੋਵਾਂ ਵਿੱਚ ਦੂਰੀਅਆਂ ਬਣ ਜਾਂਦੀਆਂ ਹਨ।
* ‘ਰਾਮ ਲਖਨ’ ਦੇ ਰੀਮੇਕ ਵਿੱਚ ਤੁਸੀਂ ਜੈਕੀ ਸ਼ਰਾਫ਼ ਵਾਲਾ ਕਿਰਦਾਰ ਨਿਭਾ ਰਹੇ ਹੋ?
– ਜੀ ਹਾਂ, ਰੋਹਿਤ ਸ਼ੈਟੀ ਦੇ ਨਿਰਦੇਸ਼ਨ ’ਚ ਬਣਨ ਜਾ ਰਹੀ ‘ਰਾਮ ਲਖਨ’ ਦੇ ਰੀਮੇਕ ਵਿੱਚ ਮੇਰੇ ਹਿੱਸੇ ਰਾਮ ਦੀ ਭੂਮਿਕਾ ਆਈ ਹੈ। ਹਾਲਾਂਕਿ ਹੁਣ ਤਕ ਲਖਨ ਕੌਣ ਬਣੇਗਾ, ਇਹ ਫਾਈਨਲ ਨਹੀਂ ਹੋਇਆ ਹੈ।
* ਕਰੀਨਾ ਦੀ ਤਰ੍ਹਾਂ ਤੁਸੀਂ ਸ਼ਾਹਰੁਖ ਖ਼ਾਨ ਦੇ ਵੀ ਵੱਡੇ ਪ੍ਰਸ਼ੰਸਕ ਮੰਨੇ ਜਾਂਦੇ ਹੋ?
– ਇਹ ਸੱਚ ਹੈ। ਇੰਨਾ ਹੀ ਨਹੀਂ, ਮੈਂ ਬਾਲੀਵੁੱਡ ਦੇ ਬਾਦਸ਼ਾਹ ਭਾਵ ਸ਼ਾਹਰੁਖ ਖ਼ਾਨ ਨੂੰ ਸ਼ੁਰੂ ਤੋਂ ਹੀ ਦੇਖਦਾ ਆਇਆ ਹਾਂ, ਪਰ ਮੈਂ ਉਨ੍ਹਾਂ ਦੀ ਨਕਲ ਨਹੀਂ ਕਰਦਾ। ਮੇਰਾ ਮੰਨਣਾ ਹੈ ਕਿ ਜੇ ਤੁਸੀਂ ਅੱਗੇ ਵਧਣਾ ਹੈ ਤਾਂ ਚੰਗੇ ਲੋਕਾਂ ਬਾਰੇ ਜਾਣਕਾਰੀ ਰੱਖੋ। ‘ਮਾਈ ਨੇਮ ਇਜ਼ ਖ਼ਾਨ’ ਦੀ ਸ਼ੂਟਿੰਗ ਦੌਰਾਨ ਮੈਨੂੰ ਸ਼ਾਹਰੁਖ ਦੇ ਕਰੀਬ ਰਹਿਣ ਦਾ ਮੌਕਾ ਮਿਲਿਆ ਸੀ। ਮੈਂ ਉਸ ਸਮੇਂ ਕਰਨ ਜੌਹਰ ਦਾ ਸਹਾਇਕ ਸੀ। ਮੈਂ ਸ਼ਾਹਰੁਖ ਦੀ ਅਦਾਕਾਰੀ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ ਅਤੇ ਮੈਂ ਉਦੋਂ ਸੋਚ ਲਿਆ ਸੀ ਕਿ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ।
* ਕੈਟਰੀਨਾ ਕੈਫ਼ ਨਾਲ ਵੀ ਕੋਈ ਫ਼ਿਲਮ ਕਰ ਰਹੇ ਹੋ?
– ਫਰਹਾ ਖ਼ਾਨ ਦੀ ਸਹਾਇਕ ਨਿੱਤਿਆ ਮਿਹਰਾ ਦੀ ਬਤੌਰ ਨਿਰਦੇਸ਼ਕ ਪਹਿਲੀ ਫ਼ਿਲਮ ਕਰ ਰਿਹਾ ਹਾਂ ਜਿਸ ਵਿੱਚ ਮੁੱਖ ਕਿਰਦਾਰ ਲਈ ਕੈਟਰੀਨਾ ਨਾਲ ਗੱਲ ਚੱਲ ਰਹੀ ਹੈ। ਮੈਨੂੰ ਇਸ ਫ਼ਿਲਮ ਦੀ ਸਕ੍ਰਿਪਟ ਬਹੁਤ ਪਸੰਦ ਆਈ ਹੈ।
* ਤੁਹਾਨੂੰ ਲੱਗਦਾ ਹੈ ਕਿ ਅੱਜ ਫ਼ਿਲਮ ਅਦਾਕਾਰ ਬਣਨਾ ਪਹਿਲਾਂ ਨਾਲੋਂ ਸੌਖਾ ਹੋ ਗਿਆ ਹੈ?
– ਅਜਿਹਾ ਬਿਲਕੁਲ ਵੀ ਨਹੀਂ ਹੈ। ਸਭ ਨੂੰ ਆਪਣੇ ਹਿੱਸੇ ਦਾ ਸੰਘਰਸ਼ ਕਰਨਾ ਪੈਂਦਾ ਹੈ। ਅਸੀਂ ‘ਸਟੂਡੈਂਟ ਆਫ਼ ਦਿ ਯੀਅਰ’ ਲਈ ਪੰਜ ਦਿਨ ਆਡੀਸ਼ਨ ਦਿੱਤਾ ਸੀ। ਮੈਂ 22 ਸਾਲ ਦੀ ਉਮਰ ’ਚ ਮੁੰਬਈ ਪਹੁੰਚ ਗਿਆ ਸੀ। 21 ਸਾਲ ਦਾ ਸੀ, ਜਦੋਂ ਦਿੱਲੀ ਵਿੱਚ ਮਾਡਲਿੰਗ ਦੌਰਾਨ ਇੱਕ ਫ਼ਿਲਮ ਲਈ ਆਡੀਸ਼ਨ ’ਚ ਚੋਣ ਹੋਈ ਸੀ। ਅਨੁਭਵ ਸਿਨਹਾ ਨਿਰਦੇਸ਼ਕ ਸਨ। ਉਨ੍ਹਾਂ ਕਿਹਾ ਕਿ ਮੁੰਬਈ ਆ ਜਾਓ ਤਾਂ ਸੋਚਿਆ ਕੋਈ ਤਾਂ ਗੱਲ ਹੋਵੇਗੀ। ਹਾਲਾਂਕਿ ਉਹ ਫ਼ਿਲਮ ਨਹੀਂ ਬਣੀ। ਫਿਰ ਦੁਬਿਧਾ ਰਹੀ ਕੀ ਕਰਾਂ। ਬੰਬੇ ਰਹਾਂ ਜਾਂ ਦਿੱਲੀ ਚਲਾ ਜਾਵਾਂ। ਘਰਵਾਲਿਆਂ ਦਾ ਵੀ ਦਬਾਓ ਸੀ। ਮੇਰੇ ਪਰਿਵਾਰ ’ਚ ਸਾਰੇ ਨੌਕਰੀ ਕਰਨ ਵਾਲੇ ਹਨ ਅਤੇ ਸਾਰੇ 20 ਸਾਲ ਦੀ ਉਮਰ ’ਚ ਹੀ ਕਮਾਉਣ ਲੱਗ ਗਏ ਸੀ। ਮੈਂ ਇਕੱਲਾ ਅਜਿਹਾ ਸੀ ਜੋ 22 ਸਾਲ ਦੀ ਉਮਰ ’ਚ ਮੁੰਬਈ ’ਚ ਸੀ ਤੇ ਪਤਾ ਨਹੀਂ ਸੀ ਕੀ ਹੋਵੇਗਾ? ਉਹ ਕਾਫ਼ੀ ਮਾੜਾ ਸਮਾਂ ਸੀ, ਪਰ ਦਿੱਲੀ ਨਾ ਮੁੜਨਾ ਮੇਰੀ ਜ਼ਿੰਦਗੀ ਦਾ ਸਭ ਤੋਂ ਸਹੀ ਫ਼ੈਸਲਾ ਸੀ। ਮੈਂ ਫ਼ੈਸਲਾ ਕੀਤਾ ਸੀ ਕਿ ਮੈਂ ਆਡੀਸ਼ਨ ਨਹੀਂ ਦੇਵਾਂਗਾ। ਮਾਡਲਿੰਗ ਨਹੀਂ ਕਰਾਂਗਾ। ਸੈੱਟ ’ਤੇ ਜਾਵਾਂਗਾ ਅਤੇ ਸਹਾਇਕ ਨਿਰਦੇਸ਼ਕ ਵਜੋਂ ਕੁਝ ਸਿੱਖਾਂਗਾ। ਮੇਰਾ ਇਹ ਫ਼ੈਸਲਾ ਸਹੀ ਸਾਬਤ ਹੋਇਆ। ਸੈੱਟ ’ਤੇ ਮੈਂ ਉਹ ਸਭ ਸਿੱਖਿਆ ਜੋ ਐਕਟਿੰਗ ਸਕੂਲ ’ਚ ਸਿੱਖਦੇ ਹਨ। ਉਸ ਦਾ ਇਨਾਮ ਮੈਨੂੰ ਚਾਰ ਸਾਲ ਬਾਅਦ ‘ਸਟੂਡੈਂਟ ਆਫ਼ ਦਿ ਯੀਅਰ’ ਦੇ ਰੂਪ ’ਚ ਮਿਲਿਆ।
* ਤੁਹਾਡਾ ਨਾਂ ਆਲੀਆ ਭੱਟ ਨਾਲ ਜੋੜਿਆ ਜਾਂਦਾ ਹੈ?
– ਆਲੀਆ ਮੇਰੀ ਪਹਿਲੀ ਫ਼ਿਲਮ ਦੀ ਨਾਇਕਾ ਰਹਿ ਚੁੱਕੀ ਹੈ। ਸਾਡੀ ਵਧੀਆ ਦੋਸਤੀ ਹੈ, ਪਰ ਤੁਸੀਂ ਇਸ ਰਿਸ਼ਤੇ ਨੂੰ ਕੋਈ ਹੋਰ ਨਾਮ ਨਾ ਦਿਓ। ਆਲੀਆ ਮੇਰੀ ਗਰਲਫਰੈਂਡ ਨਹੀਂ ਹੈ। ਜਿੱਥੋਂ ਤਕ ਕਿਸੇ ਰਿਸ਼ਤੇ ’ਚ ਬੱਝਣ ਦੀ ਗੱਲ ਹੈ ਤਾਂ ਮੈਂ ਇਸ ਲਈ ਬਿਲਕੁਲ ਤਿਆਰ ਹਾਂ, ਪਰ ਸ਼ਰਤ ਹੈ ਕਿ ਮੇਰੇ ਸਾਹਮਣੇ ਇੱਕ ਸਹੀ ਇਨਸਾਨ ਹੋਵੇ। ਹਾਲੇ ਮੈਂ ਆਪਣੇ ਕਰੀਅਰ ’ਤੇ ਧਿਆਨ ਦੇਣਾ ਹੈ। ਮੈਂ ਇਹ ਸਾਬਤ ਕਰਨਾ ਹੈ ਕਿ ਮੈਂ ਵਧੀਆ ਹੀ ਨਹੀਂ, ਬਹੁਤ ਵਧੀਆ ਕੰਮ ਕਰ ਸਕਦਾ ਹਾਂ। ਕਿਸੇ ਨਾਲ ਰਿਸ਼ਤਾ ਬਣਾਉਣ ਸਮੇਂ ਕਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ। ਸਾਡੇ ਕਲਾਕਾਰਾਂ  ਕੋਲ ਸੌ ਕੰਮ ਹੁੰਦੇ ਹਨ। ਆਪਣੇ ਸਾਥੀ ਲਈ ਸਮਾਂ ਕੱਢਣਾ ਮੁਸ਼ਕਲ ਹੋ ਜਾਂਦਾ ਹੈ।
* ਹੋਰਾਂ ਸਿਤਾਰਿਆਂ ਦੀ ਤੁਲਨਾ ’ਚ ਤੁਸੀਂ ਘੱਟ ਫ਼ਿਲਮਾਂ ਕਰ ਰਹੇ ਹੋ?
– । ਮੈਂ ਸੋਚ ਸਮਝ ਕੇ ਹੀ ਕਿਸੇ ਫ਼ਿਲਮ ਲਈ ਹਾਂ ਕਰਦਾ ਹਾਂ। ਮੇਰੇ ਲਈ ਵਧੀਆ ਕੰਮ ਮਾਅਨੇ ਰੱਖਦਾ ਹੈ ਨਾ ਕਿ ਬਹੁਤ ਸਾਰਾ।

Leave a Reply

Your email address will not be published. Required fields are marked *

*

ăn dặm kiểu NhậtResponsive WordPress Themenhà cấp 4 nông thônthời trang trẻ emgiày cao gótshop giày nữdownload wordpress pluginsmẫu biệt thự đẹpepichouseáo sơ mi nữhouse beautiful