ਗੜਸ਼ੰਕਰ, 30 ਜੁਲਾਈ – ਸਿਆਸਤ ਪੱਖੋਂ ਮਜ਼ਬੂਤ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦਾ ਮੁੱਖ ਸ਼ਹਿਰ ਅੱਜ ਵੀ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ। ਸ਼ਹਿਰ ਅੰਦਰ ਭਾਵੇਂ ਕਿਧਰੋਂ ਵੀ ਦਾਖਲ ਹੋਣਾ ਪਵੇ ਤਾਂ ਗੰਦਗੀ ਦੀ ਭਰਮਾਰ ਹੀ ਸਵਾਗਤ ਕਰਦੀ ਹੈ। ਤਹਿਸੀਲ ਹੈੱਡਕੁਆਰਟਰ ਗੜ੍ਹਸ਼ੰਕਰ ਹੀ ਜੇਕਰ ਬੁਨਿਆਦੀ ਸਹੂਲਤਾਂ ਤੋਂ ਅਜੇ ਤੱਕ ਵਾਂਝਾ ਹੋਵੇ ਤਾਂ ਹਲਕੇ ਦੇ ਬਾਕੀ ਪਿੰਡਾਂ ਦੇ ਵਿਕਾਸ ਦੀ ਤਸਵੀਰ ਦਾ ਅੰਦਾਜ਼ਾ ਸਹਿਜੇ ਹੀ ਝਲਕਣ ਲੱਗ ਪਵੇਗਾ।
ਆਬਾਦੀ ਪੱਖੋਂ ਸੰਘਣੇ ਤੇ ਪੁਰਾਤਨ ਸ਼ਹਿਰ ਗੜ੍ਹਸ਼ੰਕਰ ਦੇ ਲੋਕਾਂ ਦੀ ਦਰਦਨਾਕ ਦਾਸਤਾਨ ਜਿਨ੍ਹਾਂ ਨੂੰ ਅੱਜ ਤੱਕ ਸਹੀ ਅਰਥਾਂ ‘ਚ ਵਿਕਾਸ ਦੇਵਤਾ ਦੇ ਦਰਸ਼ਨ ਤੱਕ ਨਹੀਂ ਹੋਏ ਤੇ ਲੋਕ ਗੰਦਗੀ ਦੇ ਸਾਏ ਹੇਠ ਜ਼ਿੱਲ੍ਹਤ ਭਰੀ ਜ਼ਿੰਦਗੀ ‘ਚ ਦਿਨ ਕਟੀ ਕਰਨ ਲਈ ਮਜਬੂਰ ਹਨ।
ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਦੀ ਗੰਦਗੀ ਭਰੀ ਦਾਸਤਾਨ ਅੱਜ ‘ਜਗ ਬਾਣੀ’ ਦੀ ਟੀਮ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਨੇੜਿਓਂ ਘੋਖ ਕੇ ਸੱਤਾ ‘ਚ ਬੈਠੇ ਆਗੂਆਂ ਦੇ ਵਿਕਾਸ ਰੂਪੀ ਹਵਾਈ ਫਾਇਰ ਜਨਤਕ ਕਰ ਕੇ ਵਿਕਾਸ ਦਾ ਕੋਰਾ ਸੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਬੀ. ਜੇ. ਪੀ. ਦੇ ਸਿਰਮੌਰ ਆਗੂ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਦੇ ਸ਼ਹਿਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਤਿ ਭਰੋਸੇਯੋਗ ਆਗੂ ਮੌਜੂਦਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੇ ਹਲਕੇ ਤੇ ਪੁਰਾਤਨ ਸ਼ਹਿਰ ਦੀ ਅਸਲ ਤ੍ਰਾਸਦੀ ਕੀ ਹੈ। ਕੇਂਦਰ ਤੇ ਸੂਬੇ ਅੰਦਰ ਦੋਵਾਂ ਆਗੂਆਂ ਦੀ ਮਜ਼ਬੂਤ ਪਕੜ ਤੇ ਚੰਗਾ ਆਧਾਰ ਹੋਣ ਕਾਰਨ ਫਿਰ ਵੀ ਗੜ੍ਹਸ਼ੰਕਰ ਸ਼ਹਿਰ ਦੇ ਲੋਕ ਨਿੱਤ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ।